ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Sunday, April 12, 2009

.. ਜੋ ਜੁੱਤੇ ਨੇ ਕਰ ਵਿਖਾਇਆ

ਸਿਆਣੇ ਕਹਿੰਦੇ ਨੇ ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਦੇ। ਖੈਰ, ਗੱਲ 16 ਆਨੇ ਸੱਚੀ ਹੈ। ਬਹੁਤਾ ਦੂਰ ਨਾ ਜਾਈਏ, ਗੱਲ ਜਰਨੈਲ ਸਿੰਘ ਦੇ ਜੁੱਤੇ ਦੀ ਲੈ ਲਓ। ਜਿਹੜਾ ਕੰਮ ਉਸਦੀ ਕਲਮ ਨੇ ਨਾ ਕੀਤਾ, ਉਹ ਉਸਦੇ ਇਕ ਜੁੱਤੇ ਨੇ ਕਰ ਵਿਖਾਇਆ। ਜੁੱਤਾ ਭਾਵੇਂ ਵੱਜਿਆ ਨਹੀਂ, ਪਰ ਨਿਸ਼ਾਨਾ ਐਨ ਪੱਕਾ ਨਿਕਲਿਆ। ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਨੂੰ ਨਾ ਚਾਹੁੰਦੇ ਹੋਏ ਵੀ ਟਿਕਟਾਂ ਤੋਂ ਵਾਂਝੇ ਹੋਣਾ ਪੈ ਗਿਆ। ਦਿਲਚਸਪ ਗੱਲ ’ਤੇ ਇਹ ਹੈ ਕਿ ਸਿੱਖ ਭਾਈਚਾਰੇ ਨੇ ਇਨਾਂ ਆਗੂਆਂ ਦੇ ਖਿਲਾਫ ਜੋ ਮੁਹਿੰਮ ਛੇੜੀ ਸੀ, ਉਸ ਦਾ ਸਿਆਸੀ ਲਾਹਾ ਸਿਰਫ ਬਾਦਲ ਦਲ ਹੀ ਲੈਣ ਲੱਗਾ ਸੀ, ਤੇ ਜਿਹੜੇ ਅਕਾਲੀ ਅਪਣੀ ਹੀ ਪਾਰਟੀ ਦੇ ਬਾਗੀਆਂ ਤੋਂ ਝੰਬੇ ਪਏ ਸੀ, ਉਨਾਂ ਨੇ ਤਾਂ ਜਿਵੇਂ ਬੌਰਨਬੀਟਾ ਪੀ ਲਿਆ ਹੋਵੇ। ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਤਾਂ ਸਾਰਾ ਕੁਝ ਛੱਡ ਕੇ ਕਾਂਗਰਸ ਦੀ ਹਾਏ ਹਾਏ ਸ਼ੁਰੂ ਕਰ ਦਿੱਤੀ, ਪਰ ਖਰੀ ਗੱਲ ਕੀਤੀ ਜਰਨੈਲ ਸਿੰਘ ਨੇ। ਸ਼੍ਰੋਮਣੀ ਕਮੇਟੀ ਵਲੋਂ ਜਰਨੈਲ ਸਿੰਘ ਨੂੰ ਨੌਕਰੀ ਦੇਣ ਦੀ ਪੇਸ਼ਕਸ਼ ਨੂੰ ਉਸਨੇ ਹਿਹ ਕਹਿ ਕੇ ਠੁਕਰਾ ਦਿੱਤਾ ਕਿ ਮੈਂ ਚਿੱਕੜ ’ਚ ਨਹੀਂ ਜਾਣਾ, ਤੇ ਜਰਨੈਲ ਸਿੰਘ ਵਲੋਂ ਜੁੱਤਾ ਸੁੱਟੇ ਜਾਣ ਨੂੰ ਬਹਾਦਰੀ ਦਾ ਕੰਮ ਕਹਿਣ ਵਾਲੇ ਬਾਦਲਦਲੀਏ ਬਾਅਦ ਵਿਚ ਉਸਨੂੰ 2 ਲੱਖ ਰੁਪਏ ਦਾ ਐਲਾਨਿਆ ਇਨਾਮ ਵੀ ਦੇਣ ਤੋਂ ਮੁੱਕਰ ਗਏ। ਸਾਰੀ ਹਕੀਕਤ ਵਿਚ ਜੇ ਗੱਲ ਸਿਰੇ ਲੱਗੀ ਤਾਂ ਜੁੱਤੇ ਕਰਕੇ। ਕਾਂਗਰਸ ਨੇ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੀਆਂ ਟਿਕਟਾਂ ਵਾਪਸ ਲੈ ਲਈਆਂ। ਕਾਂਗਰਸ ਹੁਣ ਸਫਾਈ ਦੇ ਰਹੀ ਹੈ ਕਿ ਉਹ ਤਾਂ ਪਹਿਲਾਂ ਹੀ ਇਨਾਂ ਨੂੰ ਟਿਕਟਾਂ ਨਹੀਂ ਸੀ ਦੇਣਾ ਚਾਹੁੰਦੇ, ਪਰ ਸਿੱਖਾਂ ਦੀ ਵਸੋਂ ਵਾਲੇ ਹਲਕੇ ਇਹ ਜਿੱਤਦੇ ਆ ਰਹੇ ਨੇ, ਇਸੇ ਲਈ ਇਸ ਵਾਰ ਫਿਰ ਟਿਕਟਾਂ ਦੇ ਦਿੱਤੀਆਂ। ਹੁਣ ਜੇ ਸਿੱਖ ਭਾਈਚਾਰਾ ਰੌਲਾ ਪਾਉਂਦਾ ਵੀ ਆਉਂਦਾ ਤਾਂ ਕਾਂਗਰਸ ਨੇ ਅਣਗੌਲੇ ਕਰ ਦੇਣਾ ਸੀ, ਤੇ ਬਾਦਲਕੇ ਅਪਣੇ ¦ਗੋਟੀਏ ਯਾਰ ਭਾਜਪਾਈਆਂ ਨੂੰ ਦਿੱਲੀ ਦਾ ਤਖਤ ਸੌਂਪਣ ਲਈ ਸਾਰਾ ਕਰੈਡਿਟ ਲੈ ਜਾਂਦੇ। ਏਨੇ ਨੂੰ ਜਰਨੈਲ ਸਿੰਘ ਦਾ ਜੁੱਤਾ ਵੱਜ ਗਿਆ। ਉਸਨੇ ਇਕੋ ਹੱਲੇ ’ਚ ਉਹ ਮੈਦਾਨ ਜਿੱਤ ਲਿਆ, ਜਿਹੜਾ ’84 ਤੋਂ ਬਾਅਦ ਅਕਾਲੀਆਂ ਨੇ ਨਹੀਂ ਸੀ ਜਿੱਤਿਆ। ਸਿਆਣੇ ਦੇ ਕਹੇ ਮੁਤਾਬਕ ਜੇ ਭੂਤ ਲੱਤਾਂ ਨਾਲ ਪਹਿਲਾਂ ਹੀ ਸਿੱਧਾ ਕੀਤਾ ਹੁੰਦਾ, ਤਾਂ ਟਾਈਟਲਰ ਤੇ ਸੱਜਣ ਕੁਮਾਰ ਵਰਗੇ ਪਿਛਲੇ 25 ਸਾਲ ਤੋਂ ਪਾਰਲੀਮੈਂਟ ਵਿਚ ਨਾ ਵੜਦੇ। ... ਤੇ ਅਕਾਲੀ ਦਲ ਬਾਦਲ ਦੇ ਨੇਤਾ ਜੀ, ਜਿਹੜੇ ਵੋਟਾਂ ਲੈਣ ਦੇ ਦਿਨਾਂ ’ਚ ਸਿੱਖਾਂ ਨੂੰ ਇਨਸਾਫ ਦੀ ਦੁਹਾਈ ਪਾਉਂਦੇ ਨੇ, ਜੇ ਇਨਾਂ ਨਾਲ ਵੀ ਜਰਨੈਲ ਸਿੰਘ ਵਾਲੀ ਕੀਤੀ ਹੁੰਦੀ ਤਾਂ, ਉਹ ਪਾਰਲੀਮੈਂਟ ਦੀਆਂ ਮੂਹਰਲੀਆਂ ਕੁਰਸੀਆਂ ’ਤੇ ਬੈਠੇ ਟਾਈਟਲਰ ਤੇ ਸੱਜਣ ਕੁਮਾਰ ਨੂੰ ਵੇਖਕੇ ਚੁੱਪ ਚਪੀਤੇ ਨਾ ਮੁੜਿਆ ਕਰਦੇ।
-ਗੌਤਮ ਰਿਸ਼ੀ

0 comments: